Mitth Bolrha Ji Har(i) Sajan Suami Mora | Sakhi - 63 | Sant Attar Singh Ji Mastuana Wale
Description
'ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ'
ਜੋ ਵੀ ਗੁਰਮੁੱਖ ਪਿਆਰੇ ਨਾਮ-ਬਾਣੀ ਸਿਮਰਨ ਕਰਕੇ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ, ਉਹ ਉਸ ਦਾ ਹੀ ਰੂਪ 'ਮਿਠ ਬੋਲੜਾ ਜੀ' ਹੋ ਜਾਂਦੇ ਹਨ। ਮਿੱਠ ਬੋਲੜਾ ਉਹ ਹੀ ਹੋ ਸਕਦਾ ਹੈ, ਜਿਸ ਨੇ ਹਉਮੈ ਮਾਰ ਕੇ ਆਪਣਾ ਦੇਹ ਅਭਿਮਾਨ ਉੱਕਾ ਹੀ ਮਿਟਾ ਦਿੱਤਾ ਹੈ। ਪੋਠੋਹਾਰ (ਪਾਕਿਸਤਾਨ) ਵਿੱਚ ਸਿੰਘ ਸਭਾ ਲਹਿਰ ਬੜੇ ਜ਼ੋਰਾਂ 'ਤੇ ਚਲ ਰਹੀ ਸੀ। ਉਥੇ ਇੱਕ ਪਰਮ ਹੰਸ ਸਾਧੂ ਨੇ ਸਿਰ ਮੂੰਹ ਦੇ ਵਾਲ ਕੱਟੇ ਹੋਏ ਸਨ। ਇੱਕ ਸਿੰਘ ਸਭੀਆ ਲੀਡਰ ਪਰਮ ਹੰਸ ਸਾਧੂ ਨੂੰ ਕਹਿਣ ਲੱਗਾ ਕਿ ਤੂੰ ਵਾਹਿਗੁਰੂ ਦੀ ਬਖਸ਼ੀ ਹੋਈ ਅਮਾਨਤ ਨੂੰ ਕਿਉਂ ਕੱਟਿਆ ਹੋਇਆ ਹੈ? ਸਾਧੂ ਕਹਿਣ ਲੱਗਾ, "ਯਹ ਮੇਰੀ ਖੇਤੀ ਹੈ। ਚਾਹੇ ਮੈਂ ਇਸੇ ਕਾਟੂੰ ਯਾ ਰਖੂੰ।" ਇਸ ਗੱਲ 'ਤੇ ਉਨ੍ਹਾਂ ਦੋਨਾਂ ਵਿੱਚ ਬਹੁਤ ਵਾਦ-ਵਿਵਾਦ ਹੋ ਗਿਆ ਪਰ ਲੋਕਾਂ ਨੇ ਛੁਡਾ ਦਿੱਤਾ। ਸ਼ਾਮ ਦੇ ਵਕਤ ਉਹੀ ਸਿੰਘ ਸਭੀਆ ਲੀਡਰ ਸੰਤ ਅਤਰ ਸਿੰਘ ਜੀ ਮਹਾਰਾਜ ਕੋਲ ਬੈਠਾ ਹੋਇਆ ਸੀ। ਪਰਮ ਹੰਸ ਸਾਧੂ ਸਾਮ੍ਹਣਿਓ ਲੰਘਿਆ। ਉਸ ਲੀਡਰ ਨੇ ਕਿਹਾ, "ਆਓ ਸੰਤ ਜੀ, ਸਾਡੇ ਕੋਲ ਵੀ ਆ ਕੇ ਬੈਠ ਜਾਓ।" ਸਾਧੂ ਦਾ ਕ੍ਰੋਧ ਅਜੇ ਠੰਡਾ ਨਹੀਂ ਸੀ ਹੋਇਆ। ਉਸ ਨੇ ਬੜੇ ਗੁੱਸੇ ਵਿੱਚ ਕਿਹਾ, "ਤੇਰੇ ਕੁੱਤੇ ਕੇ ਪਾਸ ਹਮ ਨਹੀਂ ਬੈਠਤੇ।" ਇਹ ਸੁਣ ਕੇ ਸੰਤ ਜੀ ਨੇ ਬੜੇ ਪ੍ਰੇਮ ਨਾਲ ਇਹ ਇਲਾਹੀ ਬਚਨ ਕਹੇ, "ਆਓ ਸੰਤ ਜੀ, ਅਸੀਂ ਗੁਰੂ ਨਾਨਕ ਦੇ ਕੁੱਤੇ ਹਾਂ, ਸਾਡੇ ਕੋਲ ਹੀ ਬੈਠ ਜਾਓ।" ਇਸ ਇਲਾਹੀ ਮਿੱਠੀ ਆਵਾਜ਼ ਨੇ ਸਾਧੂ ਦੇ ਹਿਰਦੇ ਨੂੰ ਐਸੇ ਪ੍ਰੇਮ ਨਾਲ ਵਿੰਨ੍ਹ ਦਿੱਤਾ ਕਿ ਉਹ ਸੰਤਾਂ ਦੇ ਚਰਨਾਂ 'ਤੇ ਢਹਿ ਪਿਆ ਤੇ ਪ੍ਰੇਮ ਨਾਲ ਬੇਨਤੀ ਕੀਤੀ ਕਿ ਮਹਾਰਾਜ, ਮੈਨੂੰ ਵੀ ਅੰਮ੍ਰਿਤ ਛਕਾ ਕੇ ਗੁਰੂ ਕਲਗੀਆਂ ਵਾਲੇ ਦੇ ਜਹਾਜ਼ ਚੜ੍ਹਾਓ। ਉਸ ਨੇ ਸੰਤ ਜੀ ਮਹਾਰਾਜ ਪਾਸੋਂ ਅੰਮ੍ਰਿਤ ਛਕਿਆ ਤੇ ਸਿੰਘ ਸਜ ਗਿਆ।
ਇੱਕ ਵਾਰੀ ਸੰਤ ਜੀ ਮਹਾਰਾਜ ਰੇਲ ਗੱਡੀ ਵਿੱਚ ਆਪਣੇ ਸੇਵਕਾਂ ਨਾਲ ਸਫ਼ਰ ਕਰ ਰਹੇ ਸੀ ਤਾਂ ਉਸ ਡੱਬੇ ਵਿੱਚ ਕੁਝ ਆਦਮੀ ਹੁੱਕਾ ਪੀ ਰਹੇ ਸਨ। ਸੇਵਕਾਂ ਨੇ ਹੁੱਕਾ ਬੰਦ ਕਰਨ ਲਈ ਕਿਹਾ ਤਾਂ ਉਨ੍ਹਾਂ ਵਿੱਚ ਝਗੜਾ ਹੋ ਗਿਆ। ਸੰਤ ਜੀ ਮਹਾਰਾਜ ਬੜੇ ਪ੍ਰੇਮ ਨਾਲ ਬੋਲੇ, "ਪ੍ਰੇਮੀਓ! ਹੁੱਕਾ ਨੁਕਸਾਨ ਕਰਦਾ ਹੈ, ਇਸ ਨੂੰ ਛੱਡ ਦਿਓ।" ਸੰਤਾਂ ਦੇ ਇਹ ਮਿੱਠੇ ਬਚਨ ਉਨ੍ਹਾਂ ਦੇ ਹਿਰਦੇ ਵਿੱਚ ਵਸ ਗਏ। ਉਨ੍ਹਾਂ ਨੇ ਉਸੇ ਵੇਲੇ ਹੁੱਕੇ ਗੱਡੀ ਤੋਂ ਬਾਹਰ ਸੁੱਟ ਦਿੱਤੇ ਅਤੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਪਿੰਡ ਵਿੱਚ ਚਰਨ ਪਾਓ, ਅਸੀਂ ਵੀ ਅੰਮ੍ਰਿਤ-ਪਾਨ ਕਰਾਂਗੇ। ਬੇਨਤੀ ਮੰਨ ਕੇ ਸੰਤ ਜੀ ਮਹਾਰਾਜ ਉਨ੍ਹਾਂ ਦੇ ਪਿੰਡ ਗਏ ਅਤੇ ਗੁਰੂ ਕਲਗੀਆਂ ਵਾਲੇ ਦਾ ਬਖਸ਼ਿਆ ਹੋਇਆ ਅੰਮ੍ਰਿਤ ਸਾਰੇ ਪਿੰਡ ਨੂੰ ਛਕਾਇਆ।